Breaking News

ਹੋਰ ਤਪਣਗੇ ਪੰਜਾਬ ਤੇ ਹਰਿਆਣਾ

ਗਰਮੀ ਤੋਂ ਬਚਣ ਲਈ ਬੱਚੇ ਬਠਿੰਡਾ ’ਚ ਐਤਵਾਰ ਨੂੰ ਸਰਹਿੰਦ ਨਹਿਰ ’ਚ ਛਾਲ ਮਾਰਦੇ ਹੋਏ। -ਫੋਟੋ: ਪਵਨ ਸ਼ਰਮਾ

ਚਰਨਜੀਤ ਭੁੱਲਰ
ਚੰਡੀਗੜ੍ਹ, 24 ਮਈ
ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ’ਚ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਅੱਜ ਅਲਰਟ ਜਾਰੀ ਕਰਦਿਆਂ ਆਉਂਦੇ 48 ਤੋਂ 72 ਘੰਟਿਆਂ ਦੌਰਾਨ ਚੌਕਸ ਰਹਿਣ ਲਈ ਕਿਹਾ ਹੈ। ਪੰਜਾਬ ’ਚ ਖਾਸ ਕਰ ਕੇ ਮਾਲਵਾ ਖ਼ਿੱਤੇ ’ਚ ਅਗਲੇ ਦੋ ਦਿਨਾਂ ਦੌਰਾਨ ਅਤਿ ਦੀ ਗਰਮੀ ਪੈਣ ਦੀ ਸੰਭਾਵਨਾ ਹੈ। ਦੋ ਦਿਨਾਂ ਤੋਂ ਪੰਜਾਬ ਵਿਚ ਬਿਜਲੀ ਦੀ ਮੰਗ ਵਿਚ ਵੀ ਇਕਦਮ ਵਾਧਾ ਦਰਜ ਹੋਇਆ ਹੈ ਜਦਕਿ ਸਨਅਤਾਂ ਅਜੇ ਵੀ ਬੰਦ ਪਈਆਂ ਹਨ।
ਮੌਸਮ ਵਿਭਾਗ ਅਨੁਸਾਰ ਸੂਬੇ ’ਚ ਅੱਜ 45 ਡਿਗਰੀ ਸੈਲਸੀਅਸ ਨਾਲ ਬਠਿੰਡਾ ਜ਼ਿਲ੍ਹਾ ਸਭ ਤੋਂ ਜ਼ਿਆਦਾ ਗਰਮ ਰਿਹਾ। ਹਰਿਆਣਾ ’ਚ ਹਿਸਾਰ 46.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਤਪਸ਼ ਵਾਲਾ ਸਥਾਨ ਰਿਹਾ। ਆਉਂਦੇ ਚਾਰ ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਹੈ। ਅੰਮ੍ਰਿਤਸਰ ’ਚ 44 ਡਿਗਰੀ, ਆਨੰਦਪੁਰ ਸਾਹਿਬ ਅਤੇ ਚੰਡੀਗੜ੍ਹ ’ਚ 42-42, ਜਲੰਧਰ ਅਤੇ ਲੁਧਿਆਣਾ ’ਚ 44-44, ਕਪੂਰਥਲਾ ’ਚ 43 ਅਤੇ ਫਿਰੋਜ਼ਪੁਰ ’ਚ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿਚ 25 ਅਤੇ 26 ਮਈ ਨੂੰ ਜ਼ਿਆਦਾ ਗਰਮੀ ਪੈਣ ਦਾ ਅਨੁਮਾਨ ਹੈ ਜਿਥੇ ਲੂ ਦੇ ਨਾਲ ਗਰਮ ਹਵਾਵਾਂ ਵੀ ਚੱਲਣਗੀਆਂ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ 28 ਮਈ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ।
ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨ ਫਿਕਰਮੰਦ ਹੋ ਗਏ ਹਨ। ਫਾਜ਼ਿਲਕਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਤੇਜ਼ ਗਰਮੀ ਨਰਮੇ ਦੀ ਫਸਲ ਨੂੰ ਸਾੜ ਸਕਦੀ ਹੈ। ਕਿਸਾਨਾਂ ਨੂੰ ਨਰਮੇ ਦੀ ਬਿਜਾਂਦ ਵਿਚ ਮੁਸ਼ਕਲ ਆ ਰਹੀ ਹੈ। ਖੇਤੀ ਸੈਕਟਰ ਵਿਚ ਆਉਂਦੇ ਦਿਨਾਂ ਵਿਚ ਪਾਣੀ ਦੀ ਖਪਤ ਵੀ ਵੱਧ ਸਕਦੀ ਹੈ।
ਸੂਬੇ ਵਿਚ ਬਹੁਤੇ ਉਦਯੋਗ ਬੰਦ ਹਨ ਪ੍ਰੰਤੂ ਫਿਰ ਵੀ ਤਿੰਨ ਦਿਨਾਂ ਤੋਂ ਬਿਜਲੀ ਦੀ ਮੰਗ ਵਧੀ ਹੈ। ਪਿਛਲੇ ਸਾਲ ਸ਼ਨਿਚਰਵਾਰ ਨੂੰ ਬਿਜਲੀ ਦੀ ਜੋ ਮੰਗ 7100 ਮੈਗਾਵਾਟ ਸੀ, ਉਹ ਐਤਕੀਂ ਵੱਧ ਕੇ 7700 ਮੈਗਾਵਾਟ ਹੋ ਗਈ ਹੈ। ਰਾਜਪੁਰਾ ਥਰਮਲ ਪਲਾਂਟ ਦੇ ਇੱਕ ਯੂਨਿਟ ਤੋਂ ਬਿਜਲੀ ਪੈਦਾਵਾਰ ਸ਼ੁਰੂ ਹੋਈ ਹੈ ਅਤੇ ਦੂਸਰਾ ਯੂਨਿਟ ਵੀ ਚਲਾਇਆ ਜਾ ਰਿਹਾ ਹੈ। ਪਰਵਾਸੀ ਕਾਮੇ ਪਹਿਲਾਂ ਤਾਲਾਬੰਦੀ ਕਰ ਕੇ ਮੁਸ਼ਕਲ ਵਿਚ ਸਨ ਅਤੇ ਹੁਣ ਗਰਮੀ ’ਚ ਅਚਨਚੇਤੀ ਵਾਧੇ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।

ਬਿਜਲੀ ਦੀ ਮੰਗ ਵਧੀ: ਚੇਅਰਮੈਨ
ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾ ਨੇ ਕਿਹਾ ਕਿ ਘਰੇਲੂ ਅਤੇ ਖੇਤੀ ਸੈਕਟਰ ਵਿਚ ਬਿਜਲੀ ਦੀ ਮੰਗ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਰਮਾ ਪੱਟੀ ਅਤੇ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਖੇਤੀ ਸੈਕਟਰ ’ਚ ਬਿਜਲੀ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਹੈ। ਪਾਵਰਕੌਮ ਨੇ ਮੰਗ ਦੇ ਲਿਹਾਜ਼ ਨਾਲ ਬਿਜਲੀ ਸਪਲਾਈ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।

ਮੌਸਮ ਵਿਭਾਗ ਵੱਲੋਂ ‘ਲਾਲ’ ਚਿਤਾਵਨੀ ਜਾਰੀ
ਨਵੀਂ ਦਿੱਲੀ: ਉੱਤਰੀ ਭਾਰਤ ’ਚ ਕਈ ਥਾਈਂ ਤਾਪਮਾਨ 45 ਡਿਗਰੀ ਤੋਂ ਟੱਪਣ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅੱਜ ਕਈ ਸੂਬਿਆਂ ਲਈ ‘ਲਾਲ’ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਅਤੇ ਰਾਜਸਥਾਨ ’ਚ ਅਗਲੇ ਦੋ-ਤਿੰਨ ਦਿਨਾਂ ’ਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਸ੍ਰੀਵਾਸਤਵ ਨੇ ਕਿਹਾ ਕਿ ‘ਲਾਲ’ ਚਿਤਾਵਨੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਘਰਾਂ ਤੋਂ ਬਾਹਰ ਨਿਕਲਣ ’ਚ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ਲਈ ‘ਸੰਤਰੀ’ ਚਿਤਾਵਨੀ ਜਾਰੀ ਕੀਤੀ ਗਈ ਹੈ। -ਪੀਟੀਆਈ

The post ਹੋਰ ਤਪਣਗੇ ਪੰਜਾਬ ਤੇ ਹਰਿਆਣਾ appeared first on Punjabi Tribune Online.



https://ift.tt/36tSC7Z

No comments