ਫਾਇਨਾਂਸ ਕੰਪਨੀਆਂ ਖ਼ਿਲਾਫ਼ ਔਰਤਾਂ ਨੇ ਮੋਰਚਾ ਖੋਲ੍ਹਿਆ
ਬੀਰਬਲ ਰਿਸ਼ੀ
ਸ਼ੇਰਪੁਰ, 25 ਮਈ
ਪਿੰਡਾਂ ਵਿੱਚ ਤਕਰੀਬਨ ਡੇਢ-ਡੇਢ ਦਰਜ਼ਨ ਔਰਤਾਂ ਦੇ ਗਰੁੱਪ ਬਣਾਕੇ ਉਨ੍ਹਾਂ ਨੂੰ ਲੋਨ ਮੁਹੱਈਆ ਕਰਵਾਉਂਦੀਆਂ ਕਈ ਫਾਇਨਾਂਸ ਕੰਪਨੀਆਂ ਦੇ ਤੇਂਦੂਆ ਜਾਲ ਵਿੱਚ ਫਸੀਆਂ ਗਰੀਬ ਪਰਿਵਾਰਾਂ ਨਾਲ ਸਬੰਧਤ ਵੱਡੀ ਗਿਣਤੀ ਔਰਤਾਂ ਨੇ ਪਿੰਡ ਖੇੜੀ ਕਲਾਂ ਤੋਂ ਨਾਅਰੇਬਾਜ਼ੀ ਕਰਦਿਆਂ ਇਸ ਕਥਿਤ ਲੁੱਟ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲੋਕਾਂ ਨੂੰ ਕਥਿਤ ਤੌਰ ਤੇ ਪ੍ਰੇਸ਼ਾਨ ਕਰਨ ਵਾਲੇ ਕੰਪਨੀ ਕਰਿੰਦਿਆਂ ਦਾ ਪਿੰਡਾਂ ਵਿੱਚ ਘੇਰਾਓ ਕਰਨ ਦਾ ਐਲਾਨ ਕੀਤਾ ਹੈ। ਪਿੰਡ ਖੇੜੀ ਕਲਾਂ ਵਿੱਚ ਰੈਲੀ ਵਿੱਚ ਇਕੱਤਰ ਵੱਡੀ ਗਿਣਤੀ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ੈਡਪੀਐਸਸੀ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਖੇੜੀ, ਜਸਵੰਤ ਸਿੰਘ ਖੇੜੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਧੂਰੀ ਤੇ ਬਰਨਾਲੇ ਨਾਲ ਸਬੰਧਤ ਬਹੁਗਿਣਤੀ ਫਾਇਨਾਂਸ ਕੰਪਨੀਆਂ ਵੱਲੋਂ ਕਈ ਪਿੰਡਾਂ ਵਿੱਚ ਔਰਤਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ 25 ਹਜ਼ਾਰ ਜਾਂ ਇਸਤੋਂ ਵੱਧ ਕਰਜ਼ੇ ਦਿੱਤੇ ਜਾਂਦੇ ਹਨ ਜਿਸ ਵਿੱਚ ਪਹਿਲੇ ਦਿਨ ਹੀ ਪਹਿਲੀ ਕਿਸ਼ਤੀ ਕੱਟ ਲਈ ਜਾਂਦੀ ਹੈ ਤੇ ਮੋਟਾ ਵਿਆਜ ਲਗਾਕੇ ਨਿਯਮਾਂ ਦੀਆਂ ਧੱਜ਼ੀਆਂ ਉਡਾਈਆ ਜਾਂਦੀਆਂ ਹਨ। ਆਗੂਆਂ ਦਾ ਦੋਸ਼ ਹੈ ਕਿ ਇੱਕ ਦੋ ਕੰਪਨੀਆਂ ਤਾਂ ਮਜ਼ਦੂਰਾਂ ਤੋਂ ਖਾਲੀ ਚੈੱਕ ਲਈ ਬੈਠੀਆਂ ਹਨ ਤੇ ਹੁਣ ਕੰਪਨੀਆਂ ਦੇ ਕਰਿੰਦੇ ਤਾਲਾਬੰਦੀ ਦੇ ਕਾਰਜਕਾਲ ਦੀਆਂ ਕਿਸ਼ਤਾਂ ਭਰਨ ਲਈ ਜ਼ੋਰ ਪਾ ਰਹੇ ਹਨ।
ਦਰਖਾਸਤ ਮਿਲਣ ’ਤੇ ਕਾਰਵਾਈ ਕਰਾਂਗੇ: ਐੱਸਐੱਚਓ
ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਲਿਖ਼ਤੀ ਦਰਖਾਸ਼ਤ ਮਿਲਣ ’ਤੇ ਸਬੰਧਤ ਫਾਇਨਾਂਸ ਕੰਪਨੀਆਂ ਦੀ ਰਜਿਸਟਰੇਸ਼ਨ ਵੇਖਾਂਗੇ ਤੇ ਸਹੀ ਨਾ ਹੋਣ ’ਤੇ ਕਾਨੂੰਨੀ ਕਾਰਵਾਈ ਕਰਾਂਗੇ।
The post ਫਾਇਨਾਂਸ ਕੰਪਨੀਆਂ ਖ਼ਿਲਾਫ਼ ਔਰਤਾਂ ਨੇ ਮੋਰਚਾ ਖੋਲ੍ਹਿਆ appeared first on Punjabi Tribune Online.
https://ift.tt/eA8V8J

No comments