Breaking News

ਕਰੋਨਾ ਤੋਂ ਬੇਖੌਫ ਦੁਕਾਨਦਾਰ ਤੇ ਰੇਹੜੀ ਵਾਲੇ ਉਡਾ ਰਹੇ ਡੀਸੀ ਦੇ ਹੁਕਮਾਂ ਦੀਆਂ ਧੱਜੀਆਂ

ਸੰਗਰੁਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਦੇ ਕਾਰੋਬਾਰੀ ਮੰਗ ਲਈ ਇਕੱਤਰਤਾ ਕਰਦੇ ਹੋਏ। -ਫ਼ੋਟੋ: ਮੰਨੂ

ਪਵਨ ਕੁਮਾਰ ਵਰਮਾ
ਧੂਰੀ, 25 ਮਈ
ਪ੍ਰਸ਼ਾਸਨ ਵੱਲੋਂ ਸਾਰਿਆਂ ਲਈ ਬਰਾਬਰ ਕਾਨੂੰਨ ਬਨਾਉਣ ਦੀ ਮੰਗ ਕਰਨ ਲੱਗੇ 95% ਪੀੜਤ ਦੁਕਾਨਦਾਰ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲੰਮੇਂ ਸਮੇਂ ਤੋਂ ਬੰਦ ਪਏ ਕਾਰੋਬਾਰਾਂ ਵਿੱਚ ਢਿੱਲ ਦਿੰਦਿਆਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ਜਿਸ ਦੇ ਚੱਲਦਿਆਂ ਕੁਝ ਢਾਬਿਆਂ, ਹੋਟਲਾਂ ਅਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਆਦਿ ਦੇ ਮਾਲਕਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਬਰਗਰ, ਟਿੱਕੀ, ਭੱਲੇ, ਗੋਲ ਗੱਪੇ, ਸਮੋਸੇ, ਕਚੌਰੀਆਂ, ਪੂਰੀਆਂ, ਰੋਟੀ-ਸਬਜ਼ੀ ਆਦਿ ਦੀ ਪੈਕਿੰਗ ਕਰਕੇ ਸਿਰਫ ਹੋਮ ਡਲਿਵਰੀ ਦੀ ਇਜਾਜ਼ਤ ਦਿੱਤੀ ਹੋਈ ਹੈ। ਇਹ ਸਾਰਾ ਕੁਝ ਜਾਣਦੇ ਹੋਏ ਵੀ ਧੂਰੀ ਵਿੱਚ ਕਰੋਨਾ ਮਹਾਂਮਾਰੀ ਤੋਂ ਬੇਖੌਫ ਕਈ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਲੱਗਣ ਵਾਲੀਆਂ ਇਨ੍ਹਾਂ ਰੇਹੜੀਆਂ ਦੇ ਮਾਲਕਾਂ ਵੱਲੋਂ ਲੋਕਾਂ ਨੂੰ ਅੰਦਰ ਬਿਠਾ ਕੇ ਖਿਲਾਉਣ ਆਦਿ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਿਸੇ ਕਿਸਮ ਦੀ ਪ੍ਰਸ਼ਾਸਨਿਕ ਕਾਰਵਾਈ ਨਾ ਹੋਣ ਨੂੰ ਲੈ ਕੇ ਸ਼ਹਿਰ ਦੇ 95% ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਕੁਝ ਕੁ ਦੁਕਾਨਦਾਰਾਂ ਤੇ ਰੇਹੜੀ ਮਾਲਕਾਂ ਲਈ ਅਜਿਹੀ ਸਪੈਸ਼ਲ ਰਿਆਇਤ ਕਿਉਂ ਹੈ।
ਹਲਵਾਈ ਕਿੱਤੇ ਨਾਲ ਜੁੜੇ ਇੱਕ ਦੁਕਾਨਦਾਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੀਤੇ ਦਿਨੀਂ ਕੁਝ ਖਾਣ-ਪੀਣ ਵਾਲੀਆਂ ਰੇਹੜੀਆਂ ਤੇ ਹਲਵਾਈਆਂ ਨੂੰ ਐੱਸਡੀਐੱਮ ਧੂਰੀ ਲਤੀਫ ਅਹਿਮਦ ਨੇ ਆਪਣੀਆਂ ਦੁਕਾਨਾਂ, ਹੋਟਲਾਂ ਅਤੇ ਰੇਹੜੀਆਂ ਆਦਿ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਿਰਫ ਹੋਮ ਡਲਿਵਰੀ ਕਰਨ ਦੇ ਸਖਤ ਆਦੇਸ਼ ਕੀਤੇ ਸਨ। ਇਸ ਦੇ ਬਾਵਜੂਦ ਕਈ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟਿੱਚ ਸਮਝਦੇ ਹੋਏ ਲੋਕਾਂ ਨੂੰ ਦੁਕਾਨਾਂ ’ਚ ਤੇ ਰੋਹੜੀਆਂ ’ਤੇ ਖੁੱਲੇਆਮ ਖੁਆਇਆ ਪਿਆਇਆ ਜਾ ਰਿਹਾ ਹੈ। 95% ਖਾਣ-ਪੀਣ ਦਾ ਕੰਮ ਕਰਨ ਵਾਲੇ ਕਾਰੋਬਾਰੀ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਆਏ ਦਿਨ ਭਾਰੀ ਨੁਕਸਾਨ ਉਠਾ ਰਹੇ ਹਨ।

25 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਕਰੋਨਾ ਵਾਇਰਸ ਤੋਂ ਇਲਾਕੇ ਨੂੰ ਮੁਕਤ ਕਰਨ ਲਈ ਇਲਾਕੇ ਅੰਦਰ ਬਾਹਰਲੇ ਸੂਬਿਆਂ ਤੋਂ ਆਏ ਅਤੇ ਇਕਾਂਤਵਾਸ ਕਰ ਰਹੇ ਸ਼ੱਕੀ 25 ਮਰੀਜ਼ਾਂ ਦੀ ਜਾਂਚ ਅੱਜ ਸਿਵਲ ਹਸਪਤਾਲ ’ਚ ਕਰਕੇ ਜਾਂਚ ਲਈ ਰਿਪੋਰਟ ਸਰਕਾਰੀ ਲੈਬੋਰੇਟਰੀ ਪਟਿਆਲਾ ਨੂੰ ਭੇਜ ਦਿੱਤੀ ਹੈ। ਐੱਸਐੱਮਓ ਨੇ ਦੱਸਿਆ ਕਿ ਸ਼ੱਕੀਆਂ ’ਚ ਸੰਦੀਪ (32) ਜਵਾਹਰਵਾਲਾ, ਗੁਰਪ੍ਰੀਤ ਸਿੰਘ (27) ਲਹਿਰਾਗਾਗਾ, ਸੁਨੀਤਾ ਭਾਰਤੀ (30) ਲਹਿਰਾਗਾਗਾ, ਆਕਾਸ਼ (18) ਲਹਿਰਾਗਾਗਾ, ਪੂਜਾ ਰਾਣੀ (20) ਲਹਿਰਾਗਾਗਾ, ਅਜੈ ਸਿੰਘ (22) ਲਹਿਰਾਗਾਗਾ, ਭੋਲਾ ਸਿੰਘ (46) ਗਿਦੜਿਆਣੀ, ਗੁਰਦੀਪ ਸਿੰਘ (32) ਗੋਬਿੰਦਗੜ੍ਹ, ਬਿੱਲੂ ਸਿੰਘ (45) ਫਲੇੜਾ, ਕਰਨੈਲ ਸਿੰਘ (40) ਗਾਗਾ, ਲੱਖਾ ਸਿੰਘ ਗੋਬਿੰਦਗੜ੍ਹ, ਨਿੱਕਾ ਸਿੰਘ (58) ਫਲੇੜਾ, ਗਮਨ ਸਿੰਘ (70) ਫਲੇੜਾ, ਹਰਮੇਲ ਕੌਰ (30) ਕਾਲਬੰਜਾਰਾ, ਬਲਦੇਵ ਸਿੰਘ (70) ਫਲੇੜਾ, ਕ੍ਰਿਸ਼ਨ ਸਿੰਘ (56) ਲਹਿਰਾਗਾਗਾ, ਦਰਸ਼ਨ ਸਿੰਘ (59) ਫਲੇੜਾ, ਭੋਲਾ ਸਿੰਘ (50) ਲਹਿਰਾਗਾਗਾ, ਭਜਨ ਸਿੰਘ (56) ਹਰਿਆਓ, ਪ੍ਰਮਿੰਦਰ ਸਿੰਘ (33) ਮੇਦੇਵਾਸ, ਮਾਇਆ (25) ਗਾਗਾ, ਨਾਜਰ ਸਿੰਘ (70) ਨੰਗਲਾ, ਗੁਰਜੰਟ ਸਿੰਘ (69) ਗੋਬਿੰਦਗੜ੍ਹ ਜੇਜੀਆਂ, ਬੱਬੂ ਸਿੰਘ (70) ਫਲੇੜਾ ਤੇ ਹਰਜਿੰਦਰ ਸਿੰਘ (35) ਕੋਟੜਾ ਲੇਹਲ ਨੂੰ ਕਰੋਨਾਵਾਇਰਸ ਦੇ ਸ਼ੱਕੀ ਹੋਣ ਕਰਕੇ ਵਿਸ਼ੇਸ਼ ਟੀਮ ਨੇ ਜਾਂਚ ਕਰਕੇ ਉਨ੍ਹਾਂ ਦੇ ਸੈਪਲ ਜਾਂਚ ਲਈ ਭੇਜੇ ਹਨ ਤੇ ਪਟਿਆਲਾ ਲੈਬਾਰਟਰੀ ਤੋਂ ਨੈਗੇਟਿਵ ਜਾਂ ਪਾਜ਼ੇਟਿਵ ਦੀ ਜਾਂਚ ਰਿਪੋਰਟ ਆਉਣ ਮਗਰੋਂ ਸਿਹਤ ਵਿਭਾਗ ਅਗਲਾ ਫੈਸਲਾ ਕਰੇਗਾ।

ਹੋਟਲਾਂ, ਰੈਸਟੋਰੈਂਟ ਤੇ ਬੈਕੁੰਠਹਾਲ ਖੋਲ੍ਹਣ ਦੀ ਮੰਗ
ਸੰਗਰੂਰ (ਪੱਤਰ ਪ੍ਰੇਰਕ) ਸੰਗਰੂਰ ’ਚ ਹੋਟਲ ਰੈਸਟੋਰੈਂਟ ਤੇ ਬੈਕੁੰਠਹਾਲ ਚਲਾਉਣ ਵਾਲਿਆਂ ਨੇ ਇਸ ਸਮੇਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਜਦੋਂ ਸਾਰੇ ਵਪਾਰ ਖੁੱਲ੍ਹ ਗਏ ਹਨ ਤਾਂ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਵੀ ਧਿਆਨ ’ਚ ਰਖਦਿਆਂ ਉਨ੍ਹਾਂ ਨੂੰ ਵਪਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ਸੰਦੀਪ ਕੁਮਾਰ ਸਿੰਗਲਾ, ਇਕਬਾਲਜੀਤ ਸਿੰਘ ਪੂਨੀਆ, ਸੁਨੀਲ ਕੁਮਾਰ, ਰੋਹਿਤ ਕੁਮਾਰ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਲੌਕਡਾਊਨ ਦੌਰਾਨ ਉਹ ਵਿੱਤੀ ਸੰਕਟ ’ਚ ਘਿਰ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ, ਸਟਾਫ਼ ਦੀ ਤਨਖਾਹ, ਹੋਟਲਾਂ ਦਾ ਕਿਰਾਇਆ ਤੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਹਾਜ਼ਰ ਦੁਕਾਨਦਾਰਾਂ ਨੇ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲਾਕਡਾਊਨ ਦੇ ਮੱਦੇਨਜ਼ਰ ਉਨ੍ਹਾਂ ਦਾ ਵਪਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਸਰਕਾਰ ਵੱਲੋਂ ਲਾਗੂ ਨਿਯਮਾਂ ਦੀ ਪਾਲਣ ਕਰਦੇ ਹੋਏ ਆਪੇ ਆਪਣਾ ਵਪਾਰ ਕਰ ਸਕਣ ਤਾਂ ਕਿ ਉਹ ਵਿੱਤੀ ਸੰਕਟ ’ਚੋਂ ਕੁਝ ਬਾਹਰ ਆ ਸਕਣ।

ਮਾਲੇਰਕੋਟਲਾ ‘ਚ ਆਸ਼ਾ ਵਰਕਰ ਆਈ ਕੋਰੋਨਾ ਪਾਜ਼ੇਟਿਵ
ਸੰਦੌੜ (ਮੁਕੰਦ ਸਿੰਘ ਚੀਮਾ) ਮਾਲੇਰਕੋਟਲਾ ਸ਼ਹਿਰ ਦੇ ਸਿਵਲ ਹਸਪਤਾਲ ’ਚ ਸੇਵਾਵਾਂ ਨਿਭਾਉਣ ਵਾਲੀ ਇਕ ਆਸ਼ਾ ਵਰਕਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਜਿਸ ਨਾਲ ਸ਼ਹਿਰ ’ਚ ਮੁੜ ਸਹਿਮ ਦਾ ਮਾਹੌਲ ਬਣ ਗਿਆ। ਸਪੈਸ਼ਲ ਕੰਟਰੋਲ ਰੂਮ ਅਨੁਸਾਰ ਕੁਲਵੰਤ ਕੌਰ ਜੋ ਆਸ਼ਾ ਵਰਕਰ ਵਜੋਂ ਸੇਵਾਵਾਂ ਨਿਭਾ ਰਹੀ ਸੀ, ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਨੂੰ ਇਕਾਂਤਵਾਸ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਹੈ।

ਰਾਜਪੁਰਾ ਦੀ ਮਹਿਲਾ ਕਰੋਨਾ ਪਾਜ਼ੇਟਿਵ ਨਿਕਲੀ
ਰਾਜਪੁਰਾ (ਪੱਤਰ ਪ੍ਰੇਰਕ) ਇੱਥੋਂ ਦੀ ਪੁਰਾਣਾ ਰਾਜਪੁਰਾ ਵਸਨੀਕ ਇੱਕ 30 ਸਾਲਾ ਗਰਭਵਤੀ ਔਰਤ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਦੀ ਵਸਨੀਕ ਇਹ ਮਹਿਲਾ ਫਰਵਰੀ ਮਹੀਨੇ ਦਿੱਲੀ ਗਈ ਸੀ। ਜਿਹੜੀ ਕਿ 19 ਮਈ ਨੂੰ ਦਿੱਲੀ ਤੋਂ ਪਰਤ ਕੇ ਕਿਰਾਏ ਦੇ ਮਕਾਨ ਵਿੱਚ ਪੁਰਾਣਾ ਰਾਜਪੁਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਔਰਤ ਦੇ ਸੰਪਰਕ ਵਾਲੇ ਹੋਰਨਾਂ ਮੈਂਬਰਾਂ ਦੇ ਵੀ ਕੱਲ੍ਹ ਨੂੰ ਜਾਂਚ ਲਈ ਸੈਂਪਲ ਲਏ ਜਾਣਗੇ। ਦੱਸਣਯੋਗ ਹੈ ਕਿ ਇਸ ਤੋਂ ਤਿੰਨ ਦਿਨ ਪਹਿਲਾ ਵੀ ਪੁਰਾਣਾ ਰਾਜਪੁਰਾ ਵਾਸੀ ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਆਇਆ ਸੀ।

The post ਕਰੋਨਾ ਤੋਂ ਬੇਖੌਫ ਦੁਕਾਨਦਾਰ ਤੇ ਰੇਹੜੀ ਵਾਲੇ ਉਡਾ ਰਹੇ ਡੀਸੀ ਦੇ ਹੁਕਮਾਂ ਦੀਆਂ ਧੱਜੀਆਂ appeared first on Punjabi Tribune Online.



https://ift.tt/2LYkuYj

No comments