Breaking News

ਦਲਿਤ ਪਰਿਵਾਰਾਂ ਵੱਲੋਂ ਬਡਰੁੱਖਾਂ ’ਚ ਰੈਲੀ

ਪਿੰਡ ਬਡਰੁੱਖਾਂ ’ਚ ਸਾਂਝੀ ਖੇਤੀ ਲਈ ਘੱਟ ਜ਼ਮੀਨ ਮਿਲਣ ਤੋਂ ਖਫ਼ਾ ਦਲਿਤ ਪਰਿਵਾਰ ਰੋਸ ਰੈਲੀ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਮਈ
ਦਲਿਤ ਪਰਿਵਾਰਾਂ ਨੂੰ ਸਾਂਝੀ ਖੇਤੀ ਲਈ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਹਾਸਲ ਕਰਨ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਪਿੰਡ ਕੁਲਾਰ ਖੁਰਦ ’ਚ ਸਾਂਝੀ ਖੇਤੀ ਲਈ ਜ਼ਮੀਨ ਪ੍ਰਾਪਤ ਕਰਨ ਲਈ 40 ਦਲਿਤ ਪਰਿਵਾਰ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਮੋਰਚਾ ਲਗਾਈਂ ਬੈਠੇ ਹਨ ਜਦੋਂਕਿ ਹੁਣ ਪਿੰਡ ਬਡਰੁੱਖਾਂ ’ਚ ਵੀ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ 70 ਦਲਿਤ ਪਰਿਵਾਰਾਂ ’ਚ ਰੋਸ ਹੈ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਰਾਖਵੇਂ ਕੋਟੇ ਦੀ 14 ਏਕੜ ਜ਼ਮੀਨ ਦੀ ਬੋਲੀ ’ਚੋਂ ਸਿਰਫ਼ 5 ਏਕੜ ਜ਼ਮੀਨ ਹੀ ਮਿਲੀ ਹੈ ਜਦੋਂਕਿ ਸਿਰਫ਼ ਇੱਕ ਵਿਅਕਤੀ ਨੂੰ ਕਥਿਤ ਮਿਲੀਭੁਗਤ ਨਾਲ 9 ਏਕੜ ਜ਼ਮੀਨ ਦੇ ਦਿੱਤੀ ਗਈ। ਰੋਸ ਵਜੋਂ ਦਲਿਤ ਪਰਿਵਾਰਾਂ ਵੱਲੋਂ ਪਿੰਡ ਦੀ ਧਰਮਸ਼ਾਲਾ ’ਚ ਰੈਲੀ ਕਰਦਿਆਂ ਮੰਗ ਕੀਤੀ ਕਿ 9 ਏਕੜ ਜ਼ਮੀਨ ਦੀ ਬੋਲੀ ਰੱਦ ਕਰਕੇ ਸਾਂਝੀ ਖੇਤੀ ਲਈ ਪਰਿਵਾਰਾਂ ਨੂੰ ਦਿੱਤੀ ਜਾਵੇ। ਰੈਲੀ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਤੇ ਪਿੰਡ ਇਕਾਈ ਆਗੂ ਰਾਜ ਕੌਰ ਬਡਰੁੱਖਾਂ ਨੇ ਕਿਹਾ ਕਿ 14 ਏਕੜ ਜ਼ਮੀਨ ’ਚੋਂ ਦਲਿਤ ਪਰਿਵਾਰਾਂ ਨੂੰ ਸਾਂਝੀ ਖੇਤੀ ਲਈ ਸਿਰਫ਼ ਪੰਜ ਏਕੜ ਜ਼ਮੀਨ ਮਿਲੀ ਹੈ ਜਦੋਂ ਕਿ ਇੱਕ ਵਿਅਕਤੀ ਨੂੰ 9 ਏਕੜ ਜ਼ਮੀਨ ਦਿੱਤੀ ਗਈ ਹੈ। ਸਿਰਫ਼ ਪੰਜ ਏਕੜ ਜਮੀਨ ਵਿਚ 70 ਪਰਿਵਾਰ ਸਾਂਝੀ ਖੇਤੀ ਕਰਕੇ ਕਿਵੇਂ ਗੁਜ਼ਾਰਾ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਡੰਮੀ ਬੋਲੀਆਂ ਰਾਹੀਂ ਦਲਿਤਾਂ ਨੂੰ ਰਾਖਵੇਂ ਕੋਟੇ ਦੀਆਂ ਪੰਚਾਇਤਾਂ ਜ਼ਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕੁਲਾਰ ਖੁਰਦ ਵਿੱਚ ਲਗਾਤਾਰ ਸੱਤਵੇਂ ਦਿਨ ਵੀ ਪੰਚਾਇਤੀ ਜ਼ਮੀਨ ’ਚ ਮੋਰਚਾ ਜਾਰੀ ਹੈ ਕਿਉਂਕਿ ਪਿੰਡ ਦੀ 70 ਬਿੱਘੇ ਜ਼ਮੀਨ ਦੀ 75 ਫੀਸਦੀ ਬੋਲੀ ਸਿਰਫ਼ ਦੋ ਬੰਦਿਆਂ ਦੇ ਹੱਕ ’ਚ ਕਰ ਦਿੱਤੀ ਹੈ ਜਦੋਂਕਿ ਪਿੰਡ ਦੇ 40 ਪਰਿਵਾਰਾਂ ਨੂੰ ਨਜ਼ਰਅੰਦਾਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਨਾਲ ਇਸ ਧੱਕੇਸ਼ਾਹੀ ਦੇ ਖ਼ਿਲਾਫ਼ 28 ਮਈ ਨੂੰ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ।

 

The post ਦਲਿਤ ਪਰਿਵਾਰਾਂ ਵੱਲੋਂ ਬਡਰੁੱਖਾਂ ’ਚ ਰੈਲੀ appeared first on Punjabi Tribune Online.



https://ift.tt/2yyRfZd

No comments